ਸ਼ੇਰੋ ਖੰਡ ਮਿੱਲ ਦੀ ਜਮੀਨ ਪੁੱਡਾ ਨੂੰ ਵੇਚਣ ਦਾ ਵਿਰੋਧ ਕਰਨ 'ਤੇ ਕੀਤੇ ਗਏ ਸਨ ਗਿ੍ਫ਼ਤਾਰ
ਗੋਇੰਦਵਾਲ 28 ਫਰਵਰੀ (ਗੁਰਿੰਦਰ ਕੌਰ ਮਹਿਦੂਦਾਂ) ਸ਼ੇਰੋ ਖੰਡ ਮਿੱਲ ਦੀ ਜਮੀਨ ਪੁੱਡਾ ਦੇ ਨਾਮ ਤਬਦੀਲ ਕਰਨ ਦੇ ਵਿਰੋਧ ਅਤੇ ਮਿੱਲ ਨੂੰ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਜਾ ਰਹੇ ਸ਼ਾਂਤਮਈ ਧਰਨੇ ਤੇ ਬੈਠੇ ਬਿਜਲੀ ਮੁਲਾਜਮ ਏਕਤਾ ਮੰਚ ਦੇ ਕਨਵੀਨਰ ਅਤੇ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਸਮੇਤ ਗ੍ਰਿਫ਼ਤਾਰ ਕੀਤੇ 17 ਕਿਸਾਨ ਆਗੂਆਂ ਨੂੰ ਅੱਜ ਬਿਨਾ ਸ਼ਰਤ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਚੋਂ ਰਿਹਾ ਕਰ ਦਿੱਤਾ ਗਿਆ ਜਿਨ੍ਹਾਂ ਨੂੰ 3 ਮਾਰਚ ਤੱਕ ਜੇਲ੍ਹ ਭੇਜਿਆ ਗਿਆ ਸੀ। ਬਿਜਲੀ ਨਿਗਮ ਚ ਚੰਗਾ ਕੱਦ ਰੱਖਣ ਵਾਲੇ ਸ੍ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਗਿ੍ਫ਼ਤਾਰੀ ਦੇ ਵਿਰੋਧ ਵਿੱਚ ਬਿਜਲੀ ਮੁਲਾਜਮਾਂ ਦੀਆਂ ਸਾਰੀਆਂ ਜੱਥੇਬੰਦੀਆਂ ਚ ਵੱਡੇ ਪੱਧਰ ਤੇ ਰੋਸ ਪੈਦਾ ਹੋ ਗਿਆ ਸੀ ਅਤੇ ਉਨ੍ਹਾਂ ਕੱਲ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆ ਰੋਸ ਪ੍ਦਰਸ਼ਨ ਕੀਤੇ ਸਨ। ਇਸਤੋਂ ਇਲਾਵਾ ਕਿਸਾਨ ਜੱਥੇਬੰਦੀਆਂ ਵੀ ਸਰਗਰਮ ਹੋ ਗਈਆਂ ਸਨ ਜਿਨ੍ਹਾਂ ਵੱਲੋਂ ਵੀ ਕੋਈ ਤਿੱਖਾ ਸਾਂਝਾ ਸੰਘਰਸ਼ ਦਿੱਤਾ ਜਾ ਸਕਦਾ ਸੀ। ਮਾਮਲਾ ਬਿਗੜਦਾ ਵੇਖ ਸਰਕਾਰ ਤੇ ਪ੍ਰਸ਼ਾਸ਼ਨ ਨੇ ਬੈਕ ਫੁੱਟ ਤੇ ਹੀ ਆਉਣਾ ਠੀਕ ਨਹੀਂ ਸਮਝਿਆ। ਸਥਾਨਕ ਪੱਧਰ ਤੇ ਸੰਯੁਕਤ ਕਿਸਾਨ ਮੋਰਚੇ ਦੇ ਵਧੇ ਦਬਾਅ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਿਵਾਸ ਤੇ ਮੀਟਿੰਗ ਕੀਤੀ। ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਜੇਲ੍ਹ ਵਿੱਚ ਬੰਦ ਬਿਜਲੀ ਮੁਲਾਜਮ ਆਗੂ ਗੰਡੀਵਿੰਡ ਸਮੇਤ ਸਾਰੇ ਕਿਸਾਨ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਅਤੇ ਸ਼ੇਰੋਂ ਖੰਡ ਮਿੱਲ ਨੂੰ ਚਲਾਉਣ ਦੀ ਜ਼ੋਰਦਾਰ ਮੰਗ ਕੀਤੀ। ਮੰਤਰੀ ਸਾਹਿਬ ਨੇ ਕੇਸ ਵਾਪਸ ਲੈਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਹਦਾਇਤਾਂ ਜਾਰੀ ਕਰਦਿਆਂ ਕੀਤੇ ਗਏ ਕੇਸ ਵਾਪਸ ਲੈਣ ਲਈ ਕਿਹਾ।
ਦੇਰ ਸ਼ਾਮ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨ ਅਤੇ ਮੁਲਾਜਮ ਆਗੂਆਂ ਨੇ ਰਿਹਾਅ ਹੋਏ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ ਸਮੇਤ ਕਿਸਾਨ ਆਗੂਆਂ ਨਛੱਤਰ ਸਿੰਘ ਮੁਗਲ ਚੱਕ, ਸੁਖਚੈਨ ਸਿੰਘ ਸਰਹਾਲੀ ਖੁਰਦ, ਰਤਨ ਸਿੰਘ ਢੰਡ, ਜੱਸਾ ਸਿੰਘ ਕੱਦ ਗਿੱਲ, ਦਵਿੰਦਰ ਸਿੰਘ ਗਰੇਵਾਲ, ਹੀਰਾ ਸਿੰਘ ਸਰਪੰਚ ਵਰਿਆਂ, ਗੁਰਭੇਜ ਸਿੰਘ ਨੰਦਪੁਰ, ਸੁਲੱਖਣ ਸਿੰਘ ਤੁੜ, ਅਮਰਜੀਤ ਸਿੰਘ ਤੁੜ, ਬਲਦੇਵ ਸਿੰਘ ਵਰਿਆਂ, ਪ੍ਰਤਾਪ ਸਿੰਘ ਵਰਿਆਂ, ਬਲਵਿੰਦਰ ਸਿੰਘ ਨੰਦਪੁਰ, ਬਲਜੀਤ ਸਿੰਘ, ਰਸ਼ਪਾਲ ਸਿੰਘ, ਗੁਰਦਿਆਲ ਸਿੰਘ ਵਰਨਾਲਾ, ਦਲਜੀਤ ਸਿੰਘ ਦਿਆਲਪੁਰਾ ਦਾ ਸਿਰੋਪਾਓ ਅਤੇ ਹਾਰ ਪਾ ਕੇ ਜ਼ੋਰਦਾਰ ਨਾਅਰਿਆਂ ਨਾਲ ਸਵਾਗਤ ਕੀਤਾ। ਇਸ ਮੌਕੇ ਸ੍ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਕਿ ਸਰਕਾਰ ਕਹਿੰਦੀ ਕੁਝ ਹੋਰ ਹੈ ਅਤੇ ਕਰਦੀ ਕੁਝ ਹੋਰ ਪਰ ਬਿਜਲੀ ਮੁਲਾਜਮ ਜੱਥੇਬੰਦੀਆਂ ਅਤੇ ਕਿਸਾਨ ਯੂਨੀਅਨਾਂ ਇੱਕਜੁਟ ਹੋ ਕੇ ਸਰਕਾਰੀ ਜਮੀਨਾ ਵੇਚਣ ਦਾ ਵਿਰੋਧ ਕਰ ਰਹੀਆਂ ਹਨ ਅਤੇ ਕਿਸੇ ਵੀ ਕੀਮਤ ਤੇ ਚਾਹੇ ਬਿਜਲੀ ਨਿਗਮ ਦੀਆਂ ਜਾਇਦਾਦਾਂ ਹੋਣ ਜਾਂ ਹੋਰ ਜਨਤਕ ਜਾਇਦਾਦਾਂ ਉਨ੍ਹਾਂ ਨੂੰ ਵੇਚਣ ਨਹੀਂ ਦੇਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਭੁੱਲ ਰਹੀ ਹੈ ਕਿ ਹੱਕਾਂ ਲਈ ਲੜਨ ਵਾਲੇ ਲੋਕ ਜੇਲਾਂ ਤੋਂ ਨਹੀਂ ਡਰਦੇ। ਉਨ੍ਹਾਂ ਕਿਹਾ ਕਿ ਮੇਰੀ ਗਿ੍ਫ਼ਤਾਰੀ ਨੇ ਸਾਰੇ ਬਿਜਲੀ ਮੁਲਾਜਮਾਂ ਚ ਹੋਰ ਜੋਸ਼ ਭਰ ਦਿੱਤਾ ਹੈ ਤੇ ਸਰਕਾਰ ਦੀਆਂ ਅਜਿਹੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਹੁਣ ਜੇਲਾਂ ਚ ਜਾਣ ਲਈ ਹਰ ਜਗ੍ਹਾ ਗੰਡੀਵਿੰਡ ਖੜਾ ਮਿਲੇਗਾ। ਉਨ੍ਹਾਂ ਬਿਜਲੀ ਮੁਲਾਜਮ ਜੱਥੇਬੰਦੀਆਂ ਦਾ ਗ੍ਰਿਫ਼ਤਾਰੀ ਤੋਂ ਬਾਅਦ ਭਰਵਾਂ ਸਹਿਯੋਗ ਦੇਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਤਕੜੇ ਹੋ ਕੇ ਲੜਾਈ ਲੜਦੇ ਰਹਿਣ, ਅਸੀ ਕੋਈ ਜਮੀਨ ਵਿੱਕਣ ਨਹੀਂ ਦੇਵਾਂਗਾ ਉਲਟਾ ਸਰਕਾਰ ਤੋਂ ਰੁਕਿਆ ਡੀਏ ਲੈਕੇ ਕੇ ਰਹਾਂਗਾ ਤੇ ਬਾਕੀ ਮੰਗਾਂ ਵੀ ਮੰਨਵਾ ਕੇ ਰਹਾਂਗੇ।
ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਖੰਡ ਮਿੱਲ ਚਾਲੂ ਕਰਾਉਣ ਦਾ ਸੰਘਰਸ਼ ਜਾਰੀ ਰਹੇਗਾ, ਬੱਸ ਉਡੀਕ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਕੀਤੇ ਵਾਅਦੇ ਅਨੁਸਾਰ ਮੁੱਖ ਮੰਤਰੀ ਦੀ ਗੱਲਬਾਤ ਕਿਸਾਨ ਆਗੂਆਂ ਨਾਲ ਛੇਤੀ ਕਰਾਉਂਦਾ ਹੈ ਕਿ ਨਹੀਂ। ਉਹਨਾਂ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਦੀ ਇੱਕੋ ਇੱਕ ਖੇਤੀ ਅਧਾਰਿਤ ਮਿੱਲ ਦੀ ਜ਼ਮੀਨ ਵੇਚਣਾ ਤਰਨ ਤਾਰਨ ਦੇ ਕਿਸਾਨਾਂ ਮਜ਼ਦੂਰਾਂ ਨਾਲ ਵੱਡਾ ਧੋਖਾ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਕਿਸਾਨ ਮਜ਼ਦੂਰ ਆਗੂਆਂ ਵਿੱਚ ਮਹਾਂਬੀਰ ਸਿੰਘ ਗਿੱਲ, ਜਤਿੰਦਰ ਸਿੰਘ ਛੀਨਾ, ਸਾਹਿਬ ਸਿੰਘ ਡੱਲ, ਪ੍ਰਗਟ ਸਿੰਘ ਜਾਮਾਰਾਏ, ਪੂਰਨ ਸਿੰਘ ਮਾੜੀ ਮੇਘਾ, ਤਰਸੇਮ ਸਿੰਘ ਲੋਹਾਰ, ਦਵਿੰਦਰ ਸੋਹਲ, ਮਨਜੀਤ ਸਿੰਘ ਬੱਗੂ, ਕੇਵਲ ਸਿੰਘ ਕੰਬੋਕੇ, ਸਤਪਾਲ ਸਿੰਘ ਨੱਥੋਕੇ, ਗੁਰਚਰਨ ਸਿੰਘ ਸਭਰਾ , ਅਜੈਬ ਸਿੰਘ ਦੀਨਪੁਰ, ਮਨਜਿੰਦਰ ਸਿੰਘ ਲਾਲੀ , ਗੁਰਦਿਆਲ ਸਿੰਘ ਖਡੂਰ ਸਾਹਿਬ, ਬਲਦੇਵ ਸਿੰਘ ਧੂੰਦਾ, ਤਾਰਾ ਸਿੰਘ ਖਹਿਰਾ ਤੇ ਮੁਲਾਜ਼ਮ ਆਗੂ ਗੁਰਭੇਜ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਬਾਗੜੀਆਂ, ਮੰਗਲ ਸਿੰਘ ਨਾਗੋਕੇ, ਪੂਰਨ ਦਾਸ, ਤਰਜੀਤ ਸਿੰਘ, ਬਚਿੱਤਰ ਸਿੰਘ, ਅਵਤਾਰ ਕ੍ਰਿਸ਼ਨ, ਕੁਲਦੀਪ ਸਿੰਘ, ਅੰਗਰੇਜ਼ ਸਿੰਘ ਅਤੇ ਹੋਰ ਕਿਸਾਨ ਅਤੇ ਮੁਲਾਜ਼ਮ ਆਗੂ ਹਾਜ਼ਰ ਸਨ।


No comments
Post a Comment